ਇਹ ਦਿਨ شاہ مکھی

ਦੋਗਲਾਪਨ: ਕਹਿਣਾ ਹੋਰ ਤੇ ਕਰਨਾ ਹੋਰ

 

ਕਹਿਣਾ ਹੋਰ ਤੇ ਕਰਨਾ ਕੁਝ ਹੋਰ, ਮਤਲਬ ਦੋਗਲਾਪਨ, ਹਿੰਦੋਸਤਾਨ ਦੀ ਪੁਰਾਣੀ ਜ਼ਮੀਰ ਦਾ ਇਕ ਹਿਸਾ ਹੈ ਜੋ ਲੋਕਾਂ ਦਾ ਬੇਅੰਤ ਨੁਕਸਾਨ ਕਰ ਰਿਹਾ ਹੈ। ਲੋਕਾਂ ਦੇ ਆਪਸੀ ਸਬੰਧਾਂ ਅਤੇ ਲੋਕਾਂ ਦੇ ਕੁਦਰਤ ਨਾਲ ਸਬੰਧਾਂ ਨੂੰ ਵੀ ਇਸ ਦੋਗਲੇਪਨ ਨੇ ਬਹੁਤ ਨੁਕਸਾਨ ਕੀਤਾ ਹੈ। ਦੋਗਲੀ ਨੀਤੀ ਦੀ ਇਸ ਪੁਰਾਣੀ ਜ਼ਮੀਰ ਨੂੰ ਨਾ ਛੱਡਣ ਕਰਕੇ ਸਪਸ਼ਟ ਗੱਲ ਕਰਨ ਅਤੇ ਖੁਲ਼੍ਹ ਕੇ ਵਿਚਾਰ ਵਟਾਂਦਰਾ ਕਰਨ ਦਾ ਮਾਹੌਲ ਨਹੀਂ ਹੈ ਤੇ ਸਾਹਮਣੇ ਗੱਲ ਨਾ ਕਰਨ ਲਈ ਦਬਾਅ ਪੈਂਦਾ ਹੈ। ਜਦੋਂ ਖੁਲ਼੍ਹ ਕੇ ਗੱਲ ਹੀ ਨਹੀਂ ਹੁੰਦੀ ਤਾਂ ਖਿਆਲਾਂ ਦਾ ਤਬਾਦਲਾ ਕਿਸ ਤਰ੍ਹਾਂ ਹੋ ਸਕਦਾ ਹੈ? ਨਤੀਜੇ ਦੇ ਤੌਰ ਤੇ ਲੋਕ ਬਿਲਕੁਲ ਨਿਤਾਣੇ ਹੋਕੇ ਰਹਿ ਜਾਂਦੇ ਹਨ। ਕਿਸੇ ਦੇ ਮੂੰਹ ਉਤੇ ਗੱਲ ਨਾ ਕਹਿਣ ਨੂੰ ਇਕ ਸਿਆਣਪ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਇਸ ਸੋਚ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ ਕਿ ਜੇ ਕਿਸੇ ਮਸਲੇ ਬਾਰੇ ਤੁਹਾਡੀ ਰਾਏ ਜਾਂ ਖਿਆਲ ਦੂਜਿਆਂ ਨਾਲ ਨਹੀਂ ਮਿਲਦਾ ਤਾਂ ਸਿਆਣਪ ਇਹੋ ਹੈ ਕਿ ਮੌਕੇ ਤੇ ਚੁਪ ਰਹੋ ਪਰ ਪਿਛੋਂ ਜੋ ਮਰਜ਼ੀ ਕਹੋ। ਨੌਜੁਆਨਾਂ ਨੂੰ ਵੀ ਇਹੋ ਸਿਖਿਆ ਦਿਤੀ ਜਾਂਦੀ ਹੈ ਕਿ ਆਪਣੇ ਸਿਆਣਿਆਂ ਦੇ ਸਾਹਮਣੇ ਬਿਲਕੁਲ ਨਹੀਂ ਬੋਲਣਾ ਅਤੇ ਉਨ੍ਹਾਂ ਦੀ ਗੱਲ ਚੁਪਚਾਪ ਸੁਣ ਲਵੋ ਪਰ ਕਰੋ ਆਪਣੀ ਮਰਜ਼ੀ। ਵਿਦੇਸ਼ਾਂ ਵਿਚ ਵਸਦੇ ਹਿੰਦੋਸਤਾਨੀ ਨੌਜੁਆਨਾ ਉਤੇ ਇਸ ਗੱਲ ਦਾ ਏਨਾ ਬੁਰਾ ਅਸਰ ਹੈ ਕਿ ਐਸ ਵੇਲੇ ਉਹ ਦੋ ਜ਼ਿੰਦਗੀਆਂ ਜੀ ਰਹੇ ਹਨ, ਇਕ ਘਰਦਿਆਂ ਲਈ ਤੇ ਇਕ ਬਾਹਰਲਿਆਂ ਲਈ। ਇਸ ਜਕੜ ਵਿਚ ਫ਼ਸੇ ਹੋਏ ਨੌਜੁਆਨ ਆਮ ਹੀ ਵੇਖਣ ਵਿਚ ਆਉਂਦੇ ਹਨ। ਉਹ ਇਸ ਗੱਲੋਂ ਬਹੁਤ ਹੀ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਦੋ ਜ਼ਿੰਦਗੀਆਂ ਜੀਣ ਲਈ ਮਜਬੂਰ ਕੀਤਾ ਜਾਂਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਅਸੀਂ ਆਪਣੇ ਵੱਡੇ ਵੱਡੇਰਿਆਂ ਦਾ ਇਜ਼ੱਤ ਮਾਣ ਕਿਸ ਤਰਾਂ ਕਰ ਸਕਦੇ ਹਾਂ ਜਦ ਉਹ ਕਹਿੰਦੇ ਕੁਝ ਹੋਰ ਹਨ ਅਤੇ ਕਰਦੇ ਕੁਝ ਹੋਰ ਹਨ।

ਹਿੰਦੋਸਤਾਨ ਦੀ ਪੁਰਾਣੀ ਸੋਚ ਵਿਚ ਦੋਗਲਾਪਨ ਕਦੋਂ ਵੜਨਾ ਸ਼ੁਰੂ ਹੋਇਆ ਇਸਦੇ ਨਿਸ਼ਾਨ ਸਾਨੂੰ ਪਿਛੇ ਉਸ ਜ਼ਮਾਨੇ ਤੱਕ ਲੈ ਜਾਂਦੇ ਹਨ ਜਦੋਂ ਹਿੰਦੋਸਤਾਨ ਦੇ ਸਮਾਜ ਵਿਚ ਦੌਲਤ ਦੇ ਅਧਾਰ ਤੇ ਵੰਡ ਹੋਣ ਪਿਛੋਂ ਰਿਗਵੇਦ ਦੇ ਸਮੇਂ ਦਾ ਪੁਰਾਣਾਂ ਢਾਂਚਾ ਟੁਟਣ ਲੱਗ ਪਿਆ। ਸਮਾਜ ਅਧੋਗਤੀ ਵਲ ਜਾਣ ਲੱਗ ਪਿਆ ਤੇ ਬ੍ਰਾਹਮਣਵਾਦ ਜ਼ੋਰ ਫ਼ੜ ਰਿਹਾ ਸੀ। ਉਸ ਤੋਂ ਪਹਿਲਾਂ ਰਿਗ ਵੇਦ ਦੇ ਜ਼ਮਾਨੇ ਵਿਚ ਲੋਕਾਂ ਦੀ ਕਹਿਣੀ ਤੇ ਕਰਨੀ ਬਿਲਕੁਲ ਇਕ ਸੀ। ਰਿਗ ਵੇਦ ਦੇ ਜ਼ਮਾਨੇ ਵਿਚਲੇ ਸਮਾਜ ਵਿਚ ਕੋਈ ਦੋਗਲਾਪਨ ਨਜ਼ਰ ਨਹੀਂ ਆਉਂਦਾ ਤੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਦਿਸਦਾ। ਇਸ ਵੇਲੇ ਦਾ ਇਨਸਾਨ ਇਤਹਾਸ ਦਾ ਕੇਂਦਰੀ ਪਾਤਰ ਹੈ ਅਤੇ ਕੁਦਰਤ ਦੀਆਂ ਤਾਕਤਾਂ ਨੂੰ ਆਪਣੇ ਕਾਬੂ ਵਿਚ ਕਰਨ ਦੀ ਜਦੋਜਹਿਦ ਵਿਚ ਮਸਰੂਫ਼ ਹੈ ਤਾਂ ਕਿ ਇਨਸਾਨੀ ਜ਼ਿੰਦਗੀ ਕੁਦਰਤ ਦੇ ਰਹਿਮੋ ਕਰਮ ਤੇ ਨਾ ਰਹਿਕੇ ਬੰਦੇ ਦੇ ਵੱਸ ਵਿਚ ਹੋਵੇ। ਇਸ ਸਮਾਜ ਵਿਚ ਹਾਲੇ ਬੰਦੇ ਦੇ ਜ਼ਾਤੀ ਹਿਤਾਂ ਅਤੇ ਸਮਾਜ ਦੇ ਸਾਂਝੇ ਹਿਤਾਂ ਵਿਚ ਕੋਈ ਵਿਰੋਧਤਾਈ ਪੈਦਾ ਨਹੀਂ ਹੋਈ। ਇਹ ਬਾਅਦ ਵਿਚ ਜਾ ਕੇ ਪੈਦਾ ਹੁੰਦੀ ਹੈ। ਇਸ ਲਈ ਏਸ ਸਮਾਜ ਦੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀ।

ਪਰ, ਹੋਰ ਹਰੇਕ ਸ਼ੈਅ ਵਾਂਗ ਇਹ ਸਮਾਜ ਵੀ ਆਵਾਗਮਨ ਦੇ ਕਾਨੂੰਨ ਤੋਂ ਬਚ ਨਹੀਂ ਸੀ ਸਕਦਾ। ਸਮੇਂ ਦੇ ਨਾਲ ਨਾਲ ਇਸਦਾ ਵੀ ਪਤਨ ਹੋਣਾਂ ਸ਼ੁਰੂ ਹੋ ਗਿਆ। ਬ੍ਰਾਹਮਣਵਾਦੀ ਢਾਂਚੇ (ਕਿਰਤ ਦੇ ਵਾਫ਼ਰ ਮੁੱਲ ਨੂੰ ਹੜੱਪਣ ਲਈ ਬ੍ਰਾਹਮਣਾਂ ਤੇ ਕਸ਼ੱਤਰੀਆਂ ਦੇ ਗਠਜੋੜ) ਦੇ ਰਖਵਾਲਿਆਂ ਲਈ ਕਹਿਣਾ ਹੋਰ ਤੇ ਕਰਨਾ ਕੁਝ ਹੋਰ ਇਕ ਆਮ ਜਿਹੀ ਗੱਲ ਬਣ ਗਈ ਕਿਉਂਕਿ ਇਸ ਲੋਟੂ ਢਾਂਚੇ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਕੋਲ ਕੋਈ ਜੱਚਵੀਂ ਦਲੀਲ ਤਾਂ ਹੈ ਨਹੀਂ ਸੀ ਸਿਰਫ਼ ਤਾਕਤ ਦਾ ਜ਼ੋਰ ਸੀ। ਆਪਣੀਆਂ ਕਰਤੂਤਾਂ ਨੂੰ ਉਹ ਦਲੀਲ ਨਾਲ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਸਨ ਠਹਿਰਾ ਸਕਦੇ ਸੋ ਉਨ੍ਹਾਂ ਦੀ ਕਹਿਣੀ ਹੋਰ ਸੀ ਤੇ ਕਰਨੀ ਹੋਰ ਸੀ। ਗੱਲ਼ੀਂਬਾਤੀਂ ਤਾਂ ਉਹ ਹਾਲੇ ਵੀ ਇਹੋ ਕਹਿੰਦੇ ਸਨ - ਸਰਵੇਜਨਾ ਸੁਖੀਨਾਮ ਭਵੰਤੂ- ਭਾਵ ਸਾਰੇ ਖ਼ੁਸ਼ਹਾਲ ਤੇ ਸੁਖੀ ਹੋਣ- ਲੇਕਿਨ ਅਸਲ ਵਿਚ ਪਹਿਲ ਬ੍ਰਾਹਮਣਾਂ ਅਤੇ ਖ਼ਤਰੀਆਂ ਦੇ ਮੁਫ਼ਾਦਾਂ ਨੂੰ ਹੀ ਮਿਲਦੀ ਸੀ। ਇਥੋਂ ਤੱਕ ਕਿ ਇਸ ਢਾਂਚੇ ਅੰਦਰ, ਔਰਤਾਂ ਸਮੇਤ, ਲੋਕਾਂ ਦੇ ਇਕ ਬਹੁਤ ਵੱਡੇ ਹਿਸੇ ਨੂੰ ਸਮਾਜ ਦਾ ਹਿਸਾ ਹੀ ਨਹੀਂ ਸੀ ਸਮਝਿਆ ਜਾਂਦਾ ਅਤੇ "ਅਛੂਤਾਂ" ਨੂੰ ਤਾਂ ਇਨਸਾਨ ਵੀ ਨਹੀਂ ਸੀ ਸਮਝਿਆ ਜਾਂਦਾ। ਸੋ, ਪੁਰਾਤਨ ਹਿੰਦੋਸਤਾਨ ਦੇ ਸਮਾਜ ਅੰਦਰ ਕਹਿਣੀ ਤੇ ਕਰਨੀ ਵਿਚ ਫਰਕ ਦੌਲਤ ਵਾਲਿਆਂ ਨੇ (ਬ੍ਰਾਹਮਣਾਂ ਤੇ ਕਸ਼ਤਰੀਆਂ ਦੇ ਗਠਜੋੜ) ਪੈਦਾ ਕੀਤਾ।

ਭਗਤੀ ਲਹਿਰ ਨੇ ਅਤੇ ਉਸ ਤੋਂ ਪਹਿਲਾਂ ਮਹਾਤਮ ਬੁੱਧ ਨੇ ਬ੍ਰਾਹਮਣਵਾਦ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਜ਼ੋਰ ਦਿਤਾ ਕਿ ਬੰਦੇ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਹੋਣਾਂ ਚਾਹੀਦਾ। ਬੁਧ ਨੇ ਅੱਠ ਨੁਕਾਤੀ ਰਾਹ ਦੱਸਿਆ ਅਤੇ ਭਗਤਾਂ ਨੇ ਬ੍ਰਾਹਮਣਵਾਦੀ ਰੀਤੀ-ਰਿਵਾਜਾਂ ਦੀ ਨਿਖੇਧੀ ਕਰਦਿਆਂ ਇਸਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਜ਼ੋਰ ਦਿਤਾ ਕਿ ਬੰਦੇ ਦੀ ਕਹਿਣੀ ਤੇ ਕਰਨੀ ਇਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਗਿਆਨ ਕਿਸੇ ਨੂੰ ਜੰਮਦਿਆਂ ਹੀ ਨਹੀਂ ਹਾਸਲ ਹੋ ਜਾਂਦਾ ਬਲਕਿ ਹਾਸਲ ਕਰਨਾ ਪੈਂਦਾ ਹੈ। ਗਿਆਨ ਹਾਸਲ ਕਰਨ ਲਈ ਆਪ ਕੋਸ਼ਿਸ਼ ਕਰਨੀ ਪੈਂਦੀ ਹੈ ਤੇ ਗਿਆਨਵਾਨ ਬੰਦੇ ਦੀ ਕਹਿਣੀ ਤੇ ਕਰਨੀ ਚḔ ਜ਼ਰਾ ਵੀ ਅੰਤਰ ਨਹੀਂ ਹੋਣਾਂ ਚਾਹੀਦਾ। ਭਗਤੀ ਜਾਂ ਤਸੱਵਫ਼ ਵਿਚ ਵੀ ਕਹਿਣੀ ਤੇ ਕਰਨੀ ਦੇ ਫ਼ਰਕ ਨੂੰ ਬਿਲਕੁਲ ਰੱਦ ਕੀਤਾ ਗਿਆ ਹੈ। ਦੋਗਲੇਪਨ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਕਬੀਰ ਆਖਦੇ ਹਨ- ਦਿਨ ਕੋ ਰੋਜ਼ਾ ਰਖਤ ਹੈ ਰਾਤ ਮਾਰੇ ਹੈਂ ਗਾਏ?- ਭਾਵ ਇਹ ਕਿ ਆਪਣੇ ਆਪ ਨੂੰ ਸ਼ੁਧ ਕਰਨ ਲਈ ਦਿਨੇ ਤਾਂ ਰੋਜ਼ੇ ਰਖਦੇ ਹੋ ਤੇ ਰਾਤਾਂ ਨੂੰ ਮਾੜੇ ਕੰਮ ਕਰਦੇ ਹੋ! ਨਾਨਕ, ਦਾਦੂ, ਸ਼ਾਹ ਹੁਸੈਨ, ਮੀਰਾ ਬਾਈ ਅਤੇ ਹੋਰ ਗਿਆਨਵਾਨ ਵਿਅਕਤੀ ਬ੍ਰਾਹਮਣਵਾਦ ਅਤੇ ਮੁਲਾਂਸ਼ਾਹੀ ਦੇ ਦੋਗਲੇਪਨ ਦੇ ਖ਼ਿਲਾਫ਼ ਡੱਟ ਕੇ ਗੱਲ ਕਰਦੇ ਸਨ। ਬੁੱਲੇ ਸ਼ਾਹ ਹੋਰੀਂ ਇਸ ਹਾਲ ਬਾਰੇ ਕਹਿੰਦੇ ਹਨ- ਦੱਸੇਂ ਹੋਰ ਤੇ ਹੋਰ ਕਮਾਵੇਂ ਅੰਦਰ ਖੋਟ ਬਾਹਰ ਸਚਿਆਰ।

ਯੋਰਪੀ ਲਿਬਰਲਵਾਦ ਅਤੇ ਬੇਅਸੂਲੀ ਵਿਚਾਰਧਾਰਾ ਦੇ ਪੈਰੋਕਾਰ ਬ੍ਰਤਾਨਵੀ ਜਦੋਂ ਹਿੰਦੋਸਤਾਨ ਵਿਚ ਆਏ ਤਾਂ ਇਨ੍ਹਾਂ ਨੂੰ ਬ੍ਰਾਹਮਣਵਾਦ ਵਿਚ ਆਪਣਾਂ ਇਕ ਪੱਕਾ ਸਾਥੀ ਨਜ਼ਰ ਆਇਆ। ਆਪਣੇ ਹਿਤਾਂ ਵਿਚ ਵਰਤਣ ਲਈ ਬਰਤਾਨਵੀ ਬਸਤੀਵਾਦੀਆਂ ਨੇ ਬ੍ਰਾਹਮਣਵਾਦ ਨੂੰ ਹੋਰ ਸੂਖਮ ਬਣਾਇਆ। ਜਿਸ ਤਰ੍ਹਾਂ ਜੌਹਨ ਲਾਰੈਂਸ ਕਹਿੰਦਾ ਹੈ ਕਿ ਹਿੰਦੋਸਤਾਨ ਤੇ ਰਾਜ ਕਰਨ ਲਈ ਉਨ੍ਹਾਂ ਕੋਲ ਕੋਈ ਜੱਚਵੀਂ ਦਲੀਲ ਨਹੀਂ ਸੀ ਸੋ ਉਨ੍ਹਾਂ ਨੇ ਐਲਾਨ ਕੀਤਾ ਕਿ ਹਿੰਦੋਸਤਾਨੀਆਂ ਤੇ ਹਕੂਮਤ ਕਰਨ ਦਾ ਹੱਕ ਉਨ੍ਹਾਂ ਨੂੰ ਰੱਬ ਨੇ ਦਿਤਾ ਹੈ ਤਾਂਕਿ ਹਿੰਦੋਸਤਾਨ ਦੇ ਲੋਕਾਂ ਨੂੰ ਵੀ ਬ੍ਰਤਾਨਵੀ ਰਾਜ ਦੇ ਫ਼ਾਇਦੇ ਹਾਸਲ ਹੋ ਸਕਣ। ਦੋਗਲੇਪਨ ਦੀ ਨੀਤੀ ਬਰਤਾਨੀਆਂ ਬਸਤੀਵਾਦੀਆਂ ਦੇ ਰਾਜ ਦੇ ਸਾਰੇ ਅਰਸੇ ਦਾ ਇਕ ਖ਼ਾਸ ਲੱਛਣ ਰਹੀ। ਉਹ ਗੱਲਾਂ ਤਾਂ ਇਨਸਾਫ਼ ਕਰਨ ਦੀਆਂ ਕਰਦੇ ਸਨ ਪਰ ਅਸਲ ਵਿਚ ਇਕ ਬਹੁਤ ਹੀ ਜਾਬਰ ਢਾਂਚੇ ਦੇ ਜ਼ਰੀਏ ਹਿੰਦੋਸਤਾਨ ਉਤੇ ਕਬਜ਼ਾ ਕਰੀ ਬੈਠੇ ਸਨ। ਗੱਲਾਂ ਵਿਚ ਉਹ ਸਿਵਲ ਸੁਸਾਇਟੀ ਦੇ ਮੁਦੱਈ ਬਣਦੇ ਸਨ ਲੇਕਿਨ ਐਹੋ ਜਿਹੇ ਨਿਰਦਈ ਸਨ ਕਿ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਹ ਧਰਮ-ਨਿਰਪੇਖਤਾ ਅਤੇ ਸਹਿਣਸ਼ੀਲਤਾ ਦੀ ਗੱਲ ਕਰਦੇ ਸਨ ਲੇਕਿਨ ਿeਨ੍ਹਾਂ ਦੀ ਸਟੇਟ ਲੋਕਾਂ ਵਿਚ ਫਿਰਕੂ ਫ਼ਸਾਦ ਕਰਵਾਉਂਦੀ ਸੀ ਤੇ ਲੋਕਾਂ ਦੇ ਕਤਲੇਆਮ ਦਾ ਬੰਦੋਬਸਤ ਕਰਦੀ ਸੀ। ਅਮਨ, ਕਾਨੂੰਨ ਅਤੇ ਸੋਹਣੀ ਸਰਕਾਰ ਦੀਆਂ ਗੱਲਾਂ ਕਰਨ ਵਾਲੇ ਬਰਤਾਨਵੀ ਬਸਤੀਵਾਦੀਆਂ ਨੇ ਲੋਕਾਂ ਨੂੰ ਜਬਰ ਦੇ ਜ਼ੋਰ ਕੁਚਲਣ ਅਤੇ ਮਤਿਹਤ ਰੱਖਣ ਲਈ ਪੁਲਿਸ, ਫੌਜ, ਅਤੇ ਪ੍ਰਤੀਨਧ ਜਮਹੂਰੀਅਤ ਦੇ ਅਦਾਰੇ ਹਿੰਦੋਸਤਾਨ ਵਿਚ ਠੋਸੇ ਅਤੇ ਲੋਕਾਂ ਨੂੰ ਨਿਤਾਣੇ ਬਣਾਇਆ। ਅਮਨ ਦੀ ਗੱਲ ਕਰਨ ਵਾਲੇ ਅੰਗਰੇਜ਼ ਬਸਤੀਵਾਦੀਏ ਹਿੰਦੋਸਤਾਨ ਦੇ ਲੋਕਾਂ ਦੀ ਲ਼ੁਟ ਬਰਕਾਰਾਰ ਰੱਖਣ ਲਈ ਜਬਰੋ-ਜੰਗ ਦੇ ਰਾਹ ਚਲਦੇ ਰਹੇ।

ਬ੍ਰਤਾਨਵੀ ਬਸਤੀਵਾਦੀਆਂ ਦੇ ਹਿੰਦੋਸਤਾਨੀ ਭਾਈਵਾਲ ਵੱਡੇ ਸਰਮਾਏਦਾਰਾਂ ਅਤੇ ਵੱਡੇ ਜਗੀਰਦਾਰਾਂ ਨੇ ਯੋਰਪੀ ਲਿਬਰਲਵਾਦ ਦੀ ਬੇਅਸੂਲੀ ਅਤੇ ਦੋਮੂੰਹੀ ਆਦਤ ਨੂੰ ਵੀ ਬ੍ਰਾਹਮਣੀ ਨਜ਼ਾਮ ਦੇ ਦੋਗਲੇਪਨ ਦੀ ਜ਼ਮੀਰ ਵਿਚ ਸ਼ਾਮਲ ਕਰ ਲਿਆ। ਉਹ ਗੱਲ ਹਿੰਦੋਸਤਾਨ ਦੀ ਆਜ਼ਾਦੀ ਦੀ ਕਰਦੇ ਰਹੇ ਪਰ ਵਿਚੋਂ ਬ੍ਰਤਾਨਵੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਲੱਗੇ ਰਹੇ। ਇਸੇ ਕਰਕੇ ਨਾਮ-ਨਿਹਾਦ ਆਜ਼ਾਦੀ ਦੇ 54 ਸਾਲਾਂ ਬਾਅਦ ਵੀ ਬ੍ਰਤਾਨਵੀ ਬਸਤੀਵਾਦੀਆਂ ਦੇ ਹਿੰਦੋਸਤਾਨ ਵਿਚ ਸਥਾਪਤ ਕੀਤੇ ਹੋਏ ਸਾਰੇ ਅਦਾਰੇ ਅਜੇ ਤੱਕ ਕਾਇਮ ਹਨ। ਹਿੰਦੋਸਤਾਨੀ ਹਾਕਮ ਤਬਕਿਆਂ ਨੇ ਦੋ-ਮੂੰਹੀ ਗੱਲਬਾਤ ਕਰਨ ਦੇ ਹੁਨਰ ਵਿਚ ਪੂਰੀ ਮੁਹਾਰਤ ਹਾਸਲ ਕਰ ਲਈ ਹੈ। ਉਹ ਕਹਿੰਦੇ ਹਨ ਕਿ ਗਰੀਬੀ ਖ਼ਤਮ ਕਰਨੀ ਹੈ, ਤੇ ਗਰੀਬੀ ਹੋਰ ਵਧਦੀ ਜਾਂਦੀ ਹੈ। ਉਹ ਕਹਿੰਦੇ ਹਨ ਸੈਕੂਲਰਇਜ਼ਮ ਚਾਹੀਦਾ ਹੈ ਪਰ ਲੋਕਾਂ ਵਿਚ ਫਿਰਕੂ ਫ਼ਸਾਦ ਕਰਾਉਣ ਦਾ ਸਾਰਾ ਬੰਦੋਬਸਤ ਆਪ ਕਰਦੇ ਹਨ। ਉਹ ਕਹਿੰਦੇ ਹਨ ਕਿ ਲੋਕਾਂ ਦੀ ਧਾਰਮਕ ਆਜ਼ਾਦੀ ਦੀ ਅਸੀਂ ਕਦਰ ਤੇ ਰਾਖੀ ਡੱਟਕੇ ਕਰਾਂਗੇ ਪਰ ਸ਼ਰੇਆਮ ਲੋਕਾਂ ਦੀਆਂ ਇਬਾਦਤਗਾਹਾਂ ਉਤੇ ਹਮਲੇ ਕਰਦੇ ਹਨ ਤੇ ਉਨ੍ਹਾਂ ਨੂੰ ਢਾਉਂਦੇ ਹਨ।

ਹਿੰਦੁਸਤਾਨ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਦੋਗਲੇਪਨ ਦੀਆਂ ਪੈਰੋਕਾਰ ਬਣ ਗਈਆਂ ਹਨ। ਉਹ ਕਹਿੰਦੀਆਂ ਕੁਝ ਤੇ ਕਰਦੀਆਂ ਕੁਝ ਹੋਰ ਹਨ। ਇਸ ਚਿਰ ਪੁਰਾਣੇ ਦੋਗਲੇਪਨ ਦੀ ਆਦਤ ਅਤੇ ਸੋਚ ਦੇ ਪੈਰੋਕਾਰ ਹਿੰਦੋਸਤਾਨ ਦੀ ਕਮਿਉਨਿਸਟ ਲਹਿਰ ਵਿਚ ਵੀ ਪੈਦਾ ਹੋ ਗਏ। ਪਹਿਲਾਂ ਹਿੰਦੋਸਤਾਨ ਦੀ ਕਮਿਉਨਿਸਟ ਪਾਰਟੀ ਵਿਚ ਅਤੇ ਫੇਰ ਬਾਅਦ ਵਿਚ ਕਮਿਉਨਿਸਟਾਂ ਦੀਆਂ ਹੋਰ ਪਾਰਟੀਆਂ ਵਿਚ ਵੀ ਇਹੋ ਜਿਹੇ ਪੈਦਾ ਹੋ ਗਏ ਜਿਨ੍ਹਾਂ ਦੀ ਕਹਿਣੀ ਹੋਰ ਤੇ ਕਰਨੀ ਕੁਝ ਹੋਰ ਸੀ। ਉਹ ਆਪਣੇ ਆਪ ਨੂੰ ਕਮਿਉਨਿਸਟ ਕਹਾਉਂਦੇ ਸਨ ਪਰ ਕੰਮ ਸੋਸ਼ਲ ਡੈਮੋਕਰੇਟਾਂ ਵਾਲਾ ਕਰਦੇ। ਉਹ ਇਨਕਲਾਬ ਦੀਆਂ ਗੱਲਾਂ ਜ਼ਰੂਰ ਕਰਦੇ ਪਰ ਅਮਲ ਵਿਚ ਇਨਕਲਾਬ ਦੀ ਮੁਖ਼ਾਲਫ਼ਤ ਕਰਦੇ। ਹਿੰਦੋਸਤਾਨ ਦੇ ਕਮਿਉਨਿਸਟਾਂ ਨੇ ਹਿੰਦੋਸਤਾਨ ਦੀ ਪੁਰਾਣੀ ਜ਼ਮੀਰ ਦੇ ਦੋਗਲੇਪਨ ਨੂੰ ਨਹੀਂ ਛੱਡਿਆਂ। ਉਹ ਪ੍ਰੋਲੇਤਾਰੀ ਕੌਮਾਂਤਰੀਵਾਦ ਦੀ ਗੱਲ ਭਾਵੇਂ ਕਰਦੇ ਆਏ ਹਨ ਪਰ ਅਮਲ ਵਿਚ ਬੜੀ ਤੰਗਦਿਲ ਕੌਮੀ ਸ਼ਾਵਨਵਾਦ ਦੀ ਸੋਚ ਉਤੇ ਚਲਦੇ ਹੋਏ "ਹਿੰਦੋਸਤਾਨ ਦੀ ਕੌਮੀ ਏਕਤਾ ਅਤੇ ਇਲਾਕਾਈ ਅਖੰਡਤਾ " ਉਤੇ ਪਹਿਰਾ ਦਿੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਜਮਹੂਰੀ ਅਸੂਲਾਂ ਤੇ ਚਲਣ ਵਾਲੀਆਂ ਹਨ ਲੇਕਿਨ ਸਾਰੇ ਫੈਸਲੇ ਮੈਂਬਰਾਂ ਦੀ ਪਿਠ ਪਿਛੇ ਕਰਦੇ ਹਨ। ਇਨ੍ਹਾਂ ਦਆਿਂ ਕਈ ਪਾਰਟੀਆਂ ਕਈ ਦਫ਼ਾ ਇਹ ਐਲਾਨ ਕਰਨ ਤੱਕ ਵੀ ਚਲੇ ਜਾਂਦੀਆਂ ਹਨ ਕਿ ਲੀਡਰਸ਼ਿਪ ਹੀ ਫੈਸਲੇ ਕਰੇਗੀ ਤੇ ਮੈਂਬਰ ਉਨ੍ਹਾਂ ਦੇ ਕੀਤੇ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਪਾਬੰਦ ਹਨ। ਕਮਿਉਨਿਸਟ ਮੈਨੀਫੈਸਟੋ ਵਿਚ ਮਾਰਕਸ ਦੀ ਕਹੀ ਹੋਈ ਇਸ ਗੱਲ ਦੀ ਉਨ੍ਹਾਂ ਨੂੰ ਜ਼ਰਾ ਪ੍ਰਵਾਹ ਨਹੀਂ ਕਿ ਕਮਿਉਨਿਸਟ ਆਪਣੇ ਖਿਆਲ ਸ਼ਰੇਆਮ ਪੇਸ਼ ਕਰਨਗੇ ਤੇ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੋਵੇਗਾ।

ਹਿੰਦੋਸਤਾਨ ਦਾ ਕਲਿਆਣ ਹੋਣ ਦੀ ਕੋਈ ਸੰਭਾਵਨਾਂ ਤੱਦ ਹੀ ਹੋ ਸਕਦੀ ਹੈ ਜੇ ਪਹਿਲਾਂ ਇਥੋਂ ਦੇ ਕਮਿਉਨਿਸਟ ਦੋਗਲੇਪਨ ਦੀ ਪੁਰਾਣੀ ਸੋਚ ਤੇ ਜ਼ਮੀਰ ਨੂੰ ਛੱਡਣ ਤੇ ਆਪਣੀ ਕਹਿਣੀ ਤੇ ਕਰਨੀ ਦੇ ਫਰਕ ਨੂੰ ਮੇਟਣ। ਸਮੇਂ ਦੀ ਅਤੇ ਲੋਕਾਂ ਦੀ ਇਹ ਮੰਗ ਹੈ ਕਿ ਕਮਿਉਨਿਸਟ ਅਮਲ ਵਿਚ ਕਮਿਉਨਿਸਟ ਬਣਨ ਤੇ ਅਪਣੇ ਲਫ਼ਜ਼ਾਂ ਨੂੰ ਅਰਥ ਦੇਣ। ਬੜੇ ਚਿਰਾਂ ਤੋਂ ਹਿੰਦੋਸਤਾਨ ਦੇ ਕਮਿਉਨਿਸਟ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਵੀ ਲਾਉਂਦੇ ਆਏ ਹਨ ਤੇ ਹਾਕਮ ਜਮਾਤਾਂ ਨਾਲ ਭਾਈਵਾਲੀ ਵੀ ਬਣਾਈ ਰੱਖਦੇ ਆਏ ਹਨ। ਦੋ-ਮੂਹੀਂ ਗੱਲ ਕਰਨ ਦੀ ਪੁਰਾਣੀ ਜ਼ਮੀਰ ਦੇ ਅਸਰ ਨੂੰ ਕਬੂਲਣ ਤੋਂ ਇਨਕਾਰ ਕਰਕੇ ਅਤੇ ਆਪਣੀ ਕਹਿਣੀ ਤੇ ਕਰਨੀ ਦੇ ਫ਼ਰਕ ਨੂੰ ਮਿਟਾ ਕੇ ਕਮਿਉਨਿਸਟਾਂ ਨੂੰ ਇਕ ਇਹੋ ਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿਥੇ ਉਹ ਆਪਸ ਵਿਚ ਵੀ ਖੁਲ਼੍ਹਕੇ ਵਿਚਾਰ ਵਟਾਂਦਰਾ ਕਰ ਸਕਣ ਤੇ ਲੋਕਾਂ ਸਾਹਮਣੇ ਵੀ ਉਹੋ ਗਲ ਕਰਨ ਜੋ ਅਮਲ ਵਿਚ ਲਿਆਉਣ ਦਾ ਇਰਾਦਾ ਹੋਵੇ। ਤਾਂ ਹੀ ਲੋਕਾਂ ਨੂੰ ਦਰਪੇਸ਼ ਮਸਲਿਆਂ ਤੇ ਖੁਲਕੇ ਗੱਲ ਹੋ ਸਕਦੀ ਹੈ ਤੇ ਹੱਲ ਲੱਭੇ ਜਾ ਸਕਦੇ ਹਨ। ਹਿੰਦੋਸਤਾਨ ਦੀ ਕਈ ਟੁਕੜਿਆਂ ਵਿਚ ਵੰਡੀ ਹੋਈ ਕਮਿਉਨਿਸਟ ਲਹਿਰ ਵਿਚ ਏਕਾ ਬਹਾਲ ਕਰਨ ਲਈ ਵੀ ਇਹ ਇਕ ਜ਼ਰੂਰੀ ਸ਼ਰਤ ਹੈ ਕਿ ਦੋਗਲੇਪਨ ਦੀ ਪੁਰਾਣੀ ਜ਼ਮੀਰ ਨੂੰ ਛੱਡਕੇ ਕਹਿਣੀ ਤੇ ਕਰਨੀ ਇਕ ਕੀਤੀ ਜਾਵੇ ਤਾਂ ਹੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿਚ ਸਫ਼ਲਤਾ ਹਾਸਲ ਹੋ ਸਕਦੀ ਹੈ।

ਹਿੰਦੋਸਤਾਨ ਦੇ ਸਮਾਜ ਦਾ ਕਾਇਆ ਕਲਪ ਕਰਨ ਲਈ ਪੁਰਾਣੀ ਸੋਚ ਅਤੇ ਪੁਰਾਣੀ ਜ਼ਮੀਰ ਦਾ ਕਾਇਆ-ਕਲਪ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਗੈਰ, ਇਸ ਮਸਲੇ ਨਾਲ ਨਜਿੱਠੇ ਬਿਨਾਂ ਹਿੰਦੁਸਤਾਨ ਦੀ ਨਵੀਂ ਉਸਾਰੀ ਨਾਮੁਮਕਿਨ ਹੈ। ਕਿਉਂਕਿ ਜੇ ਲੋਕ ਖੁਲਕੇ ਵਿਚਾਰ ਵਟਾਂਦਰਾ ਹੀ ਨਹੀਂ ਕਰ ਸਕਦੇ ਤਾਂ ਉਹ ਆਪਣੇ ਮਸਲਿਆਂ ਦਾ ਹੱਲ ਇਕੱਠੇ ਹੋਕੇ ਕਿਸ ਤਰਾਂ ਲੱਭ ਸਕਦੇ ਹਨ? ਪੁਰਾਣੇ ਲ਼ੁੱਟ ਖਸੁਟ ਦੇ ਰਿਸ਼ਤੇ ਖ਼ਤਮ ਕਰਕੇ ਨਵੇਂ ਰਿਸ਼ਤੇ ਕਾਇਮ ਕਰਨਾ ਚਾਹੁੰਦੇ ਸਾਰੇ ਹੀ ਲੋਕਾਂ ਨੂੰ ਆਪਣੀ ਕਹਿਣੀ ਤੇ ਕਰਨੀ ਇਕ ਕਰਨੀ ਪਵੇਗੀ।

Back to top      Back to Home Page